sood March 10, 2018

ਕੈਨੇਡਾ ਦੇ ਪ੍ਰਧਾਨ ਮੰਤਰੀ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਸਨਮਾਨ ਅਤੇ ਅਹੁਦੇ ਦੇਣ ਦੇ ਪੱਖ ‘ਚ ਹਨ। ਇਸ ਵਾਰ ਦਾ ‘ਮਹਿਲਾ ਦਿਵਸ’ ਕੈਨੇਡੀਅਨ ਔਰਤਾਂ ਲਈ ਬਹੁਤ ਖਾਸ ਹੈ, ਕਿਉਂਕਿ ਕੁਝ ਦਿਨ ਪਹਿਲਾਂ ਹੀ ਕੈਨੇਡਾ ਨੇ ਆਪਣਾ ਬਜਟ ਪੇਸ਼ ਕੀਤਾ ਹੈ ਅਤੇ ਇਸ ‘ਚ ਔਰਤਾਂ ਲਈ ਵਿਸ਼ੇਸ਼ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।

ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਆਪਣੇ ਤੀਜੇ ਬਜਟ ‘ਚ 14.5 ਫੀਸਦੀ ਹਿੱਸਾ ਔਰਤਾਂ ਦੇ ਵਿਕਾਸ ਲਈ ਤੈਅ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਨੌਕਰੀਆਂ ‘ਚ ਔਰਤਾਂ ਨੂੰ ਹੁਣ ਪੁਰਸ਼ਾਂ ਦੇ ਬਰਾਬਰ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਹੁਣ ਤਕ ਇੱਥੇ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਘੱਟ ਤਨਖ਼ਾਹ ਮਿਲਦੀ ਰਹੀ ਹੈ। ਔਰਤਾਂ ਨੂੰ ਹਰ ਖੇਤਰ ‘ਚ ਬਰਾਬਰੀ ਦਾ ਅਧਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ ਹੈ।

ਔਰਤਾਂ ‘ਤੇ ਹਿੰਸਾ, ਜਿਨਸੀ ਸ਼ੋਸ਼ਣ ਜਾਂ ਛੇੜਛਾੜ ਨੂੰ ਰੋਕਣ ਲਈ ਅਗਲੇ 5 ਸਾਲਾਂ ‘ਚ 187 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ। ਮਹਿਲਾ ਮਜ਼ਬੂਤੀਕਰਨ ਲਈ ਮਹਿਲਾ ਸੰਗਠਨ ਬਣਾਉਣ ਲਈ ਅਗਲੇ 5 ਸਾਲਾਂ ‘ਚ 100 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।

ਅੰਕੜਾ ਵਿਭਾਗ ਜੈਂਡਰ ਬੇਜ਼ਡ ਐਨਾਲਿਸਸ ਕਰੇਗਾ। ਇਸ ਲਈ 13 ਲੱਖ ਡਾਲਰ ਖਰਚ ਹੋਣਗੇ। ਸੈਂਟਰ ਆਫ ਜੈਂਡਰ ਡਾਇਵਰਸਿਟੀ ਐਂਡ ਇਨਕਲੁਸ਼ਨ (ਵਿੰਭਨਤਾ ਅਤੇ ਸ਼ਮੂਲੀਅਤ) ‘ਤੇ 6 ਲੱਖ ਡਾਲਰ ਖਰਚ ਹੋਣਗੇ। ਲਿੰਗੀ ਬਰਾਬਰਤਾ ‘ਤੇ ਰਾਸ਼ਟਰੀ ਕਨਵਰਸੇਸ਼ਨ ਹੋਵੇਗੀ। ਔਰਤਾਂ ਅਤੇ ਕੁੜੀਆਂ ਦੀ ਹਿੱਸੇਦਾਰੀ ਵਧਾਉਣ ਨੂੰ ਅਗਲੇ 3 ਸਾਲ ‘ਚ 30 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ।

ਔਰਤਾਂ ਨਾਲ ਕੰਮ ਵਾਲੀ ਥਾਂ ‘ਤੇ ਵੀ ਕਈ ਵਾਰ ਜਿਨਸੀ ਛੇੜਛਾੜ ਹੁੰਦੀ ਹੈ ਅਤੇ ਇਸ ਨੂੰ ਰੋਕਣ ਲਈ 5 ਸਾਲਾਂ ‘ਚ 50.4 ਮਿਲੀਅਨ ਡਾਲਰ ਖਰਚੇ ਜਾਣਗੇ। ਕਾਰੋਬਾਰੀ ਔਰਤਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨ ਲਈ 105 ਮਿਲੀਅਨ ਡਾਲਰ ਖਰਚੇ ਜਾਣਗੇ।


ਕੁੱਲ ਮਿਲਾ ਕੇ ਕੈਨੇਡਾ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਬਰਾਬਰੀ ਦਾ ਹੱਕ ਦੇਣ ਲਈ ਪੱਬਾਂ ਭਾਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਵਿਟਜ਼ਰਲੈਂਡ ਅਤੇ ਭਾਰਤ ਦੌਰੇ ਦੌਰਾਨ ਇਸੇ ਗੱਲ ਨੂੰ ਦੁਹਰਾਇਆ ਸੀ ਕਿ ਔਰਤਾਂ ਨੂੰ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ।

Leave a comment.

Your email address will not be published. Required fields are marked*